
Donald Trump News: 75 ਤੋਂ ਵੱਧ ਦੇਸ਼ਾਂ ‘ਤੇ Reciprocal Tariff ਲਗਾਉਣ ਤੋਂ 7 ਦਿਨਾਂ ਬਾਅਦ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੈਕਫੁੱਟ ’ਤੇ ਆ ਗਏ ਹਨ। ਦਰਅਸਲ ਟਰੰਪ ਨੇ 75 ਤੋਂ ਜ਼ਿਆਦਾ ਦੇਸ਼ਾਂ ‘ਤੇ ਲਗਾਏ Reciprocal Tariff ‘ਤੇ 90 ਦਿਨਾਂ ਲਈ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਉਨ੍ਹਾਂ ਦੇ ਐਲਾਨ ਦੇ ਨਾਲ ਹੀ ਲਾਗੂ ਹੋ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ‘ਮੈਂ 90 ਦਿਨਾਂ ਲਈ Reciprocal Tariff ਨੂੰ ਰੋਕਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਸਮੇਂ ਦੌਰਾਨ ਲਾਗੂ ਹੋਣ ਵਾਲਾ Reciprocal Tariff ਘਟਾ ਕੇ ਸਿਰਫ਼ 10% ਕਰ ਦਿੱਤਾ ਗਿਆ ਹੈ। ਇਹ ਫੈਸਲਾ ਤੁਰੰਤ ਲਾਗੂ ਹੋਵੇਗਾ।’

ਡੋਨਾਲਡ ਟਰੰਪ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ, 75 ਤੋਂ ਵੱਧ ਦੇਸ਼ਾਂ ਨੇ ਅਮਰੀਕਾ ਦੇ ਨੁਮਾਇੰਦਿਆਂ ਨੂੰ ਬੁਲਾਇਆ ਹੈ। ਮੇਰੇ ਸੁਝਾਅ ‘ਤੇ ਇਨ੍ਹਾਂ ਦੇਸ਼ਾਂ ਨੇ ਕਿਸੇ ਵੀ ਤਰ੍ਹਾਂ ਨਾਲ ਅਮਰੀਕਾ ਵਿਰੁੱਧ ਜਵਾਬੀ ਕਾਰਵਾਈ ਨਹੀਂ ਕੀਤੀ ਹੈ। ਇਸ ਲਈ ਮੈਂ 90 ਦਿਨਾਂ ਦਾ ਵਿਰਾਮ ਸਵੀਕਾਰ ਕੀਤਾ ਹੈ। ਟੈਰਿਫ ‘ਤੇ ਇਹ ਵਿਰਾਮ ਨਵੇਂ ਵਪਾਰ ਸਮਝੌਤਿਆਂ ਲਈ ਗੱਲਬਾਤ ਕਰਨ ਲਈ ਸਮਾਂ ਪ੍ਰਦਾਨ ਕਰੇਗਾ।

ਇਸ ਦੇ ਨਾਲ ਹੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਕਿ ਅਮਰੀਕਾ ਨਾਲ ਗੱਲਬਾਤ ਕਰਨ ਦੇ ਇੱਛੁਕ ਦੇਸ਼ਾਂ ਲਈ ਇਹ ਦਰ ਘਟਾ ਕੇ 10 ਫੀਸਦੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੀਆਂ ਕੁਝ ਵਸਤਾਂ 25 ਫੀਸਦੀ ਟੈਰਿਫ ਦੇ ਅਧੀਨ ਹਨ। ਹੁਣ ਇਨ੍ਹਾਂ ਨੂੰ ਬੇਸਲਾਈਨ ਟੈਰਿਫ ਵਿੱਚ ਵੀ ਸ਼ਾਮਲ ਕਰ ਲਿਆ ਗਿਆ ਹੈ। ਹਾਲਾਂਕਿ, ਉਸਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕੀ ਯੂਰਪੀਅਨ ਯੂਨੀਅਨ ਇਸ ਬੇਸਲਾਈਨ ਟੈਰਿਫ ਵਿੱਚ ਸ਼ਾਮਲ ਹੈ ਜਾਂ ਨਹੀਂ।
ਚੀਨ ਨੂੰ ਨਹੀਂ ਮਿਲੀ ਰਾਹਤ
ਅਮਰੀਕਾ ਵੱਲੋਂ ਇਸ ਛੋਟ ਵਿੱਚ ਚੀਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸਦੇ ਉਲਟ ਚੀਨ ‘ਤੇ ਟੈਰਿਫ 104% ਤੋਂ ਵਧਾ ਕੇ 125% ਕਰ ਦਿੱਤਾ ਹੈ। ਟਰੰਪ ਨੇ ਇਹ ਕਾਰਵਾਈ ਚੀਨ ਵੱਲੋਂ ਲਗਾਏ ਗਏ 84% ਟੈਰਿਫ ਦੇ ਜਵਾਬੀ ਕਾਰਵਾਈ ਤੋਂ ਬਾਅਦ ਕੀਤੀ ਹੈ।

ਚੀਨ ‘ਤੇ 125% ਟੈਰਿਫ ਲਗਾਉਣ ਦਾ ਸਾਧਾਰਨ ਭਾਸ਼ਾ ਵਿੱਚ ਮਤਲਬ ਹੈ ਕਿ ਚੀਨ ਵਿੱਚ ਬਣੇ $100 ਉਤਪਾਦ ਦੀ ਕੀਮਤ ਹੁਣ ਅਮਰੀਕਾ ਵਿੱਚ $225 ਹੋਵੇਗੀ। ਅਮਰੀਕਾ ‘ਚ ਚੀਨੀ ਸਾਮਾਨ ਦੀ ਕੀਮਤ ਵਧਣ ਕਾਰਨ ਉਨ੍ਹਾਂ ਦੀ ਵਿਕਰੀ ਘੱਟ ਜਾਵੇਗੀ।
ਟਰੰਪ ਨੇ Truth Social ‘ਤੇ ਲਿਖਿਆ ਕਿ ‘ਚੀਨ ਨੇ ਗਲੋਬਲ ਮਾਰਕੀਟ ਲਈ ਸਨਮਾਨ ਨਹੀਂ ਦਿਖਾਇਆ ਹੈ। ਇਸ ਲਈ ਮੈਂ ਉਸ ਟੈਰਿਫ ਨੂੰ 125% ਤੱਕ ਵਧਾ ਰਿਹਾ ਹਾਂ। ਉਮੀਦ ਹੈ ਕਿ ਚੀਨ ਜਲਦੀ ਹੀ ਸਮਝ ਜਾਵੇਗਾ ਕਿ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਲੁੱਟਣ ਦੇ ਦਿਨ ਹੁਣ ਲੰਘ ਗਏ ਹਨ।’
ਗੌਰਤਲਬ ਹੈ ਕਿ ਟਰੰਪ ਅਤੇ ਐਲੋਨ ਮਸਕ ਦੇ ਕਈ ਕਰੀਬੀ ਸਲਾਹਕਾਰਾਂ ਨੇ ਖੁਦ ਟੈਰਿਫ ਯੁੱਧ ਨੂੰ ਰੋਕਣ ਦੀ ਸਲਾਹ ਦਿੱਤੀ ਸੀ। ਟਰੰਪ ਦੀ ਰਿਪਬਲਿਕਨ ਪਾਰਟੀ ਦੇ ਕਈ ਨੇਤਾ ਵੀ ਟੈਰਿਫ ਦੇ ਖਿਲਾਫ ਸਨ। ਮਿਚ ਮੈਕਕੋਨੇਲ, ਰੈਂਡ ਪਾਲ, ਸੂਜ਼ਨ ਕੋਲਿਨਸ ਅਤੇ ਲੀਜ਼ਾ ਮੁਰਕੋਵਸਕੀ ਨੇ ਟੈਰਿਫਾਂ ਨੂੰ ‘ਗੈਰ-ਸੰਵਿਧਾਨਕ, ਅਰਥਵਿਵਸਥਾ ਲਈ ਨੁਕਸਾਨਦੇਹ, ਅਤੇ ਕੂਟਨੀਤਕ ਤੌਰ ‘ਤੇ ਖਤਰਨਾਕ’ ਕਿਹਾ। ਇਹੀ ਕਾਰਨ ਹੈ ਕਿ 7 ਦਿਨਾਂ ਦੇ ਅੰਦਰ ਹੀ ਅਮਰੀਕੀ ਹੁਕਮਰਾਨਾਂ ਨੇ Reciprocal Tariff ਦਾ ਫ਼ੈਸਲਾ ਵਾਪਸ ਲੈ ਲਿਆ ਹੈ।
Leave a Reply