
ਗੁਜਰਾਤ ਹਾਈਕੋਰਟ ‘ਚ ਇੱਕ ਵਕੀਲ ਖਿਲਾਫ ਅਦਾਲਤੀ ਮਾਣਹਾਨੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਹਾਈ ਕੋਰਟ ਵਿੱਚ ਇੱਕ ਵਰਚੁਅਲ ਸੁਣਵਾਈ ਦੌਰਾਨ ਸੀਨੀਅਰ ਵਕੀਲ ਨੇ ਬੀਅਰ ਦਾ ਭਰਿਆ ਗਲਾਸ ਪੀਤਾ, ਜਿਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਮਾਮਲੇ ਦਾ ਨੋਟਿਸ ਲੈਂਦਿਆਂ ਹਾਈ ਕੋਰਟ ਨੇ ਸੋਮਵਾਰ ਨੂੰ ਵਕੀਲ ਖ਼ਿਲਾਫ਼ ਅਦਾਲਤੀ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀਡੀਓ 26 ਜੂਨ ਦੀ ਹੈ। ਇਸ ਵਿੱਚ ਸੀਨੀਅਰ ਵਕੀਲ ਭਾਸਕਰ ਤੰਨਾ ਜਸਟਿਸ ਸੰਦੀਪ ਭੱਟ ਦੇ ਸਾਹਮਣੇ ਇੱਕ ਮਗ ਵਿੱਚੋਂ ਬੀਅਰ ਪੀਂਦੇ ਨਜ਼ਰ ਆ ਰਹੇ ਹਨ। ਜਸਟਿਸ ਏ.ਐਸ.ਸੁਪਹੀਆ ਅਤੇ ਜਸਟਿਸ ਆਰ.ਟੀ.ਵਛਾਨੀ ਦੇ ਬੈਂਚ ਨੇ ਮਾਣਹਾਨੀ ਦੀ ਕਾਰਵਾਈ ਕਰਦੇ ਹੋਏ ਤੰਨਾ ਦੇ ਵਿਵਹਾਰ ਨੂੰ ਨਿਰਾਦਰ ਕਰਾਰ ਦਿੱਤਾ ਹੈ।
ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਤੰਨਾ ਨੂੰ ਮਾਣਹਾਨੀ ਦੀ ਕਾਰਵਾਈ ਦੌਰਾਨ ਬੈਂਚ ਦੇ ਸਾਹਮਣੇ ਵਰਚੁਅਲੀ ਪੇਸ਼ ਨਹੀਂ ਹੋਣਾ ਚਾਹੀਦਾ। ਅਦਾਲਤ ਨੇ ਕਿਹਾ ਕਿ ਇਹ ਹੁਕਮ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਸਾਹਮਣੇ ਰੱਖਿਆ ਜਾਵੇ। ਜੇਕਰ ਉਹ ਇਜਾਜ਼ਤ ਦਿੰਦਾ ਹੈ ਤਾਂ ਇਸ ਨੂੰ ਹੋਰ ਬੈਂਚਾਂ ਨੂੰ ਵੀ ਭੇਜਿਆ ਜਾਵੇਗਾ। ਬੈਂਚ ਨੇ ਤੰਨਾ ਨੂੰ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਵੇਂ ਵਕੀਲਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਕਿਉਂਕਿ ਉਹ ਸੀਨੀਅਰ ਵਕੀਲਾਂ ਨੂੰ ਰੋਲ ਮਾਡਲ ਅਤੇ ਗਾਈਡ ਵਜੋਂ ਲੈਂਦੇ ਹਨ।
ਤੰਨਾ ਦਾ ਚਾਲ-ਚਲਣ ਉਸ ਨੂੰ ਸੀਨੀਅਰ ਵਕੀਲ ਵਜੋਂ ਮਿਲੇ ਵਿਸ਼ੇਸ਼ ਅਧਿਕਾਰਾਂ ਨੂੰ ਅਪਵਿੱਤਰ ਕਰਦਾ ਹੈ। ਉਨ੍ਹਾਂ ਨੂੰ ਦਿੱਤੇ ਗਏ ਸੀਨੀਅਰ ਵਕੀਲ ਦੇ ਅਹੁਦੇ ‘ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਅਦਾਲਤ ਨੇ ਰਜਿਸਟਰੀ ਨੂੰ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਅਗਲੀ ਸੁਣਵਾਈ ਵਿੱਚ ਪੇਸ਼ ਕਰਨ ਅਤੇ ਵੀਡੀਓ ਨੂੰ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ਦੀ ਸੁਣਵਾਈ ਦੋ ਹਫ਼ਤਿਆਂ ਬਾਅਦ ਹੋਵੇਗੀ।

ਦੱਸਦੇਈਏ ਕਿ ਕੁੱਝ ਦਿਨ ਪਹਿਲਾਂ ਗੁਜਰਾਤ ਹਾਈ ਕੋਰਟ ਦੀ ਵਰਚੁਅਲ ਸੁਣਵਾਈ ਦੌਰਾਨ ਇਕ ਵਿਅਕਤੀ ਨੂੰ ਟਾਇਲਟ ‘ਤੇ ਬੈਠਾ ਦੇਖਿਆ ਗਿਆ ਸੀ। ਜਸਟਿਸ ਨਿੱਜਰ ਐਸ ਦੇਸਾਈ ਚੈੱਕ ਬਾਊਂਸ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਵਰਚੁਅਲ ਸੁਣਵਾਈ ਦੌਰਾਨ ਸਮਦ ਬੈਟਰੀ ਨਾਂ ਦੇ ਵਿਅਕਤੀ ਨੂੰ ਟਾਇਲਟ ਸੀਟ ‘ਤੇ ਬੈਠੇ ਦੇਖਿਆ ਗਿਆ। ਇਕ ਮਿੰਟ ਦੀ ਇਸ ਵੀਡੀਓ ‘ਚ ਇਹ ਵਿਅਕਤੀ ਆਪਣਾ ਮੋਬਾਇਲ ਜ਼ਮੀਨ ‘ਤੇ ਰੱਖ ਕੇ ਟਾਇਲਟ ਦੀ ਵਰਤੋਂ ਕਰਦਾ ਨਜ਼ਰ ਆ ਰਿਹਾ ਹੈ। ਉਦੋਂ ਅਦਾਲਤ ਨੇ ਉਸ ‘ਤੇ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ। ਅਦਾਲਤ ਨੇ ਉਸ ਨੂੰ ਦੋ ਹਫ਼ਤਿਆਂ ਤੱਕ ਹਾਈਕੋਰਟ ਦੇ ਬਗੀਚਿਆਂ ਦੀ ਸਫ਼ਾਈ ਕਰਕੇ ‘ਸਮਾਜ ਸੇਵਾ’ ਕਰਨ ਦਾ ਹੁਕਮ ਵੀ ਦਿੱਤਾ ਸੀ। ਇਸ ਦੇ ਨਾਲ ਹੀ, 2020 ਵਿੱਚ, ਗੁਜਰਾਤ ਹਾਈ ਕੋਰਟ ਨੇ ਇੱਕ ਵਕੀਲ ‘ਤੇ 10,000 ਰੁਪਏ ਦਾ ਜੁਰਮਾਨਾ ਲਗਾਇਆ ਸੀ ਕਿਉਂਕਿ ਉਹ ਇੱਕ ਵਰਚੁਅਲ ਸੁਣਵਾਈ ਦੌਰਾਨ ਸਿਗਰਟ ਪੀ ਰਿਹਾ ਸੀ।
Leave a Reply