
Constable Amandeep Kaur Arrested By Vigilance: ਪੰਜਾਬ ਪੁਲਿਸ ਦੀ ਲੇਡੀ ਕਾਂਸਟੇਬਲ ਅਮਨਦੀਪ ਕੌਰ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੀਤੀ ਗਈ ਹੈ। ਵਿਜੀਲੈਂਸ ਨੇ ਦਾਅਵਾ ਕੀਤਾ ਹੈ ਕਿ ਜਾਂਚ ਦੌਰਾਨ ਅਮਨਦੀਪ ਕੌਰ ਦੀ ਆਮਦਨ 1.08 ਕਰੋੜ ਰੁਪਏ ਜਦਕਿ ਉਸ ਦਾ ਖਰਚਾ 1.39 ਕਰੋੜ ਰੁਪਏ ਹੈ। ਇਸ ਤੋਂ ਪਹਿਲਾਂ ਅਮਨਦੀਪ ਕੌਰ ਨੂੰ ਬਠਿੰਡਾ ਦੇ ਲਾਡਲੀ ਢਾਣੀ ਚੌਕ ਤੋਂ ਪੁਲਿਸ ਨੇ 17 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਇਸ ਤੋਂ ਬਾਅਦ ਵਿਭਾਗ ਨੇ ਉਸ ਨੂੰ ਮੁਅੱਤਲ ਕਰ ਦਿੱਤਾ। ਫਿਲਹਾਲ ਅਮਨਦੀਪ ਕੌਰ ਨੂੰ ਨਸ਼ਿਆਂ ਦੇ ਮਾਮਲੇ ‘ਚ ਜ਼ਮਾਨਤ ਮਿਲ ਗਈ ਸੀ। ਪਰ ਹੁਣ ਵੱਧ ਜਾਇਦਾਦ ਦੇ ਮਾਮਲੇ ਵਿੱਚ ਬਠਿੰਡਾ ਜ਼ੋਨ ਵੱਲੋਂ ਕਾਰਵਾਈ ਕੀਤੀ ਗਈ ਹੈ।

ਗੌਰਤਲਬ ਹੈ ਕਿ ਅਮਨਦੀਪ ਕੌਰ ਆਪਣੇ ਆਲੀਸ਼ਾਨ ਲਾਈਫਸਟਾਈਲ, ਰੋਲੇਕਸ ਦੀ ਘੜੀ, ਥਾਰ SUV ਅਤੇ ਮਹਿੰਗੇ ਘਰ ਨੂੰ ਲੈ ਕੇ ਸੋਸ਼ਲ ਮੀਡੀਆ ਅਤੇ ਮੀਡੀਆ ‘ਚ ਲਗਾਤਾਰ ਸੁਰਖੀਆਂ ‘ਚ ਬਣੀ ਰਹਿੰਦੀ ਸੀ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ, ਅਮਨਦੀਪ ਨੇ ਦਾਅਵਾ ਕੀਤਾ ਸੀ ਕਿ ਉਸਨੂੰ ਝੂਠਾ ਫਸਾਇਆ ਗਿਆ ਹੈ ਅਤੇ ਉਹ ਬੇਕਸੂਰ ਹੈ। ਪਰ ਵਿਜੀਲੈਂਸ ਵਿਭਾਗ ਨੂੰ ਉਸ ਦੇ ਖਿਲਾਫ ਕਈ ਸ਼ੱਕੀ ਵਿੱਤੀ ਲੈਣ-ਦੇਣ ਅਤੇ ਬੇਹਿਸਾਬ ਜਾਇਦਾਦਾਂ ਬਾਰੇ ਸੂਚਨਾ ਮਿਲੀ ਸੀ।

ਵਿਜੀਲੈਂਸ ਦੇ ਰਿਕਾਰਡ ਅਨੁਸਾਰ ਕੁਝ ਸਾਲਾਂ ਦੌਰਾਨ ਉਸ ਦੀ ਆਮਦਨ 1.08 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਪਰ ਜਦੋਂ ਵਿਜੀਲੈਂਸ ਨੇ ਹਿਸਾਬ ਲਗਾਉਣਾ ਸ਼ੁਰੂ ਕੀਤਾ ਤਾਂ ਖਰਚਾ 1.39 ਕਰੋੜ ਰੁਪਏ ਨਿਕਲਿਆ। ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਕੌਰ ਨੂੰ ਪੁੱਛਗਿੱਛ ਦੇ ਬਹਾਨੇ ਬੁਲਾਇਆ ਗਿਆ ਸੀ, ਪਰ ਜਦੋਂ ਉਹ ਪਹੁੰਚੀ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲੀਸ ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਸਕਦੀ ਹੈ। ਦੱਸਦੇਈਏ ਕਿ ਵਿਜੀਲੈਂਸ ਨੇ ਅਮਨਦੀਪ ਤੋਂ ਆਮਦਨ ਦਾ ਰਿਕਾਰਡ ਹਾਸਲ ਕਰਨਾ ਹੈ। ਵਿਜੀਲੈਂਸ ਜਾਣਨਾ ਚਾਹੁੰਦੀ ਹੈ ਕਿ ਇਕ ਕਾਂਸਟੇਬਲ ਲਈ ਇੰਨੀ ਵੱਡੀ ਆਮਦਨ ਕਿਵੇਂ ਸੰਭਵ ਸੀ। ਜਾਂਚ ਵਿੱਚ ਅਮਨਦੀਪ ਕੌਰ ਦੀਆਂ ਜਾਇਦਾਦਾਂ, ਬੈਂਕ ਖਾਤਿਆਂ ਅਤੇ ਕਥਿਤ ਸਬੰਧਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
Leave a Reply