
ਉੱਤਰ ਪ੍ਰਦੇਸ਼: ਅਲੀਗੜ੍ਹ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਰਿਸ਼ਤਿਆਂ ਦੀ ਮਰਿਆਦਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇੱਥੇ ਇੱਕ ਔਰਤ ਆਪਣੇ ਹੀ ਹੋਣ ਵਾਲੇ ਜਵਾਈ ਨਾਲ ਫ਼ਰਾਰ ਹੋ ਗਈ ਹੈ।
16 ਅਪ੍ਰੈਲ ਨੂੰ ਧੀ ਦਾ ਵਿਆਹ ਸੀ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਤੇ ਹਰ ਪਾਸ ਖ਼ੁਸ਼ੀ ਦਾ ਮਾਹੌਲ ਸੀ। ਪਰ ਉਸ ਤੋਂ ਪਹਿਲਾਂ ਹੀ ਮਾਂ ਆਪਣੇ ਹੋਣ ਵਾਲੇ ਜਵਾਈ ਰਾਹੁਲ ਨਾਲ ਘਰੋਂ ਭੱਜ ਗਈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਹਿਲਾ ਅਨੀਤਾ ਦੇਵੀ ਘਰੋਂ ਲਗਭਗ 5 ਲੱਖ ਰੁਪਏ ਦੇ ਗਹਿਣੇ ਅਤੇ 3.50 ਲੱਖ ਰੁਪਏ ਨਕਦ ਲੈ ਕੇ ਭੱਜੀ ਹੈ। ਉਸ ਦੀ ਧੀ ਗਹਿਰੇ ਸਦਮੇ ਵਿੱਚ ਹੈ, ਉਸ ਦੀ ਹਾਲਤ ਖ਼ਰਾਬ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਅਨੀਤਾ ਦੇਵੀ (ਹੋਣ ਵਾਲੀ ਸੱਸ) ਤੇ ਰਾਹੁਲ (ਧੀ ਦਾ ਮੰਗੇਤਰ) ਵਿਚਕਾਰ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਗੱਲਬਾਤ ਹੋ ਰਹੀ ਸੀ। ਇਥੋਂ ਤੱਕ ਕਿ ਮਹਿਲਾ ਨੇ ਖ਼ੁਦ ਰਾਹੁਲ ਨੂੰ ਸਮਾਰਟਫੋਨ ਵੀ ਦਿਵਾਇਆ, ਜਿਸ ਰਾਹੀਂ ਉਹ ਘੰਟਿਆਂ ਬੱਧੀ ਗੱਲਾਂ ਕਰਦੇ ਸਨ। ਧੀ ਨੇ ਦੱਸਿਆ ਕਿ ਉਸ ਦੀ ਮਾਂ ਰਾਹੁਲ ਨਾਲ ਦਿਨ ਵਿੱਚ 20-20 ਘੰਟੇ ਗੱਲਾਂ ਕਰਦੀ ਸੀ, ਜਦਕਿ ਰਾਹੁਲ ਉਸ ਨਾਲ ਬਿਲਕੁਲ ਗੱਲ ਨਹੀਂ ਕਰਦਾ ਸੀ।

ਦੁੱਖ ਜਤਾਉਂਦਿਆਂ ਮਹਿਲਾ ਦੀ ਧੀ ਨੇ ਕਿਹਾ, “ਹੁਣ ਮੇਰਾ ਮਾਂ ਨਾਲ ਕੋਈ ਰਿਸ਼ਤਾ ਨਹੀਂ ਰਿਹਾ। ਮਾਂ ਨੇ ਮੇਰੀਆਂ ਸਾਰੀਆਂ ਖੁਸ਼ੀਆਂ ਖੋਹ ਲਈਆਂ, ਹੁਣ ਉਹ ਜੀਵੇ ਜਾਂ ਮਰੇ, ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਸਾਨੂੰ ਸਿਰਫ਼ ਆਪਣੇ ਪੈਸੇ ਅਤੇ ਗਹਿਣੇ ਵਾਪਸ ਚਾਹੀਦੇ ਹਨ।”
ਅਨੀਤਾ ਦੇਵੀ ਦੇ ਪਤੀ ਜਿਤੇਂਦਰ ਕੁਮਾਰ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਰਾਹੁਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਸ਼ੁਰੂ ਵਿੱਚ ਉਸ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਝੂਠ ਦੱਸਿਆ। ਪਰ ਬਾਅਦ ਵਿੱਚ ਕਿਹਾ, “ਤੁਸੀਂ ਲੋਕਾਂ ਨੇ ਉਸ ਨੂੰ 20 ਸਾਲ ਤੱਕ ਬਹੁਤ ਤੰਗ ਕੀਤਾ, ਹੁਣ ਭੁੱਲ ਜਾਓ।”
ਮਡਰਕ ਥਾਣਾ ਖੇਤਰ ਵਿੱਚ ਅਨੀਤਾ ਦੇਵੀ ਦੇ ਗਾਇਬ ਹੋਣ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰ ਲਿਆ ਹੈ। ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸਰਕਲ ਅਫਸਰ ਮਹੇਸ਼ ਕੁਮਾਰ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਜਲਦ ਹੀ ਫ਼ਰਾਰ ਮਹਿਲਾ ਅਤੇ ਨੌਜਵਾਨ ਨੂੰ ਲੱਭ ਲਿਆ ਜਾਵੇਗਾ।
Leave a Reply