Press ESC to close

Nirpakh NazariyaNirpakh Nazariya ਨਿਰਪੱਖ ਨਜ਼ਰੀਆ

ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਐਕਸ਼ਨ ਮੋਡ ’ਚ ਭਾਰਤ ਸਰਕਾਰ

Pahalgam Terror Attack Update: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਐਕਸ਼ਨ ਮੋਡ ’ਚ ਨਜ਼ਰ ਆ ਰਹੀ ਹੈ। ਦੱਸਦਈਏ ਕਿ ਜੰਮੂ-ਕਸ਼ਮੀਰ ‘ਚ ਹੁਣ ਤੱਕ 6 ਅੱਤਵਾਦੀਆਂ ਦੇ ਘਰ ਢਾਹ ਦਿੱਤੇ ਗਏ ਹਨ। ਧਮਾਕੇ ‘ਚ ਜਿਨ੍ਹਾਂ ਅੱਤਵਾਦੀਆਂ ਦੇ ਘਰ ਢਾਹੇ ਗਏ ਨੇ ਉਨ੍ਹਾਂ ‘ਚ ਲਸ਼ਕਰ ਦੇ ਆਸਿਫ ਸ਼ੇਖ, ਆਦਿਲ ਠੋਕੇਰ, ਹਾਰਿਸ ਅਹਿਮਦ, ਜੈਸ਼ ਦੇ ਅਹਿਸਾਨ ਉਲ ਹੱਕ, ਜ਼ਾਕਿਰ ਅਹਿਮਦ ਗਨਈ ਅਤੇ ਸ਼ਾਹਿਦ ਅਹਿਮਦ ਕੁਟੇ ਸ਼ਾਮਲ ਹਨ। ਇਨ੍ਹਾਂ ਵਿੱਚੋਂ ਜੈਸ਼ ਦਾ ਅਹਿਸਾਨ 2018 ਵਿੱਚ ਪਾਕਿਸਤਾਨ ਤੋਂ ਸਿਖਲਾਈ ਲੈ ਕੇ ਵਾਪਸ ਆਇਆ ਸੀ। ਪਹਿਲਗਾਮ ਹਮਲੇ ਵਿੱਚ ਆਸਿਫ਼ ਅਤੇ ਆਦਿਲ ਦੇ ਨਾਂ ਸਾਹਮਣੇ ਆਏ ਸਨ। ਫੌਜ ਨੇ ਇਹ ਕਾਰਵਾਈ ਤਰਾਲ, ਅਨੰਤਨਾਗ, ਪੁਲਵਾਮਾ, ਕੁਲਗਾਮ ਅਤੇ ਸ਼ੋਪੀਆਂ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਕੀਤੀ।

ਸ਼ੁੱਕਰਵਾਰ ਸਵੇਰ ਤੋਂ ਬਾਅਦ, ਪਾਕਿਸਤਾਨੀ ਫੌਜ ਨੇ ਸ਼ਨੀਵਾਰ ਤੜਕੇ ਐਲਓਸੀ ‘ਤੇ ਭਾਰਤੀ ਚੌਕੀਆਂ ‘ਤੇ ਗੋਲੀਬਾਰੀ ਕੀਤੀ। ਭਾਰਤੀ ਫੌਜ ਨੇ ਵੀ ਇਸ ਦਾ ਜਵਾਬ ਦਿੱਤਾ। ਇਸ ਗੋਲੀਬਾਰੀ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਦੌਰਾਨ ਸ਼ਨੀਵਾਰ ਸਵੇਰੇ ਗੁਜਰਾਤ ਦੇ ਸੂਰਤ ਅਤੇ ਅਹਿਮਦਾਬਾਦ ‘ਚ ਪੁਲਸ ਨੇ ਘੁਸਪੈਠੀਆਂ ‘ਤੇ ਕਾਰਵਾਈ ਕੀਤੀ। ਦੋਵਾਂ ਸ਼ਹਿਰਾਂ ਵਿੱਚ 500 ਬੰਗਲਾਦੇਸ਼ੀ ਘੁਸਪੈਠੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਜਲਦੀ ਤੋਂ ਜਲਦੀ ਘੁਸਪੈਠੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ਾਂ ਵਿੱਚ ਭੇਜਣ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਭਾਰਤ ਦੇ ਨੇੜੇ ਹਾਂ ਅਤੇ ਪਾਕਿਸਤਾਨ ਦੇ ਵੀ ਨੇੜੇ ਹਾਂ। ਮੈਂ ਦੋਹਾਂ ਦੇਸ਼ਾਂ ਦੇ ਨੇਤਾਵਾਂ ਨੂੰ ਜਾਣਦਾ ਹਾਂ। ਪਹਿਲਗਾਮ ਹਮਲਾ ਬਹੁਤ ਮਾੜਾ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਹਮੇਸ਼ਾ ਤਣਾਅ ਰਿਹਾ ਹੈ। ਕਸ਼ਮੀਰ ਦੀ ਲੜਾਈ 1500 ਸਾਲ ਤੋਂ ਵੱਧ ਪੁਰਾਣੀ ਹੈ। ਪਰ ਮੈਨੂੰ ਯਕੀਨ ਹੈ ਕਿ ਦੋਵੇਂ ਦੇਸ਼ ਕੋਈ ਨਾ ਕੋਈ ਰਾਹ ਲੱਭ ਲੈਣਗੇ। ਮੈਂ ਦੋਹਾਂ ਨੇਤਾਵਾਂ ਨੂੰ ਜਾਣਦਾ ਹਾਂ।

ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਭਾਰਤ ਖਿਲਾਫ ਭੜਕਾਊ ਭਾਸ਼ਣ ਦਿੱਤਾ ਹੈ। ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਾਂ ਤਾਂ ਸਾਡਾ ਪਾਣੀ ਸਿੰਧੂ ਨਦੀ ਵਿਚ ਵਹਿ ਜਾਵੇਗਾ, ਜਾਂ ਫਿਰ ਉਨ੍ਹਾਂ ਦਾ ਖੂਨ ਵਹਿ ਜਾਵੇਗਾ। ਸਿੰਧੂ ਨਦੀ ਸਾਡੀ ਹੈ ਅਤੇ ਹਮੇਸ਼ਾ ਸਾਡੀ ਰਹੇਗੀ। ਭੁੱਟੋ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ ਕਿ ਤੁਸੀਂ ਸਿੰਧੂ ਜਲ ਸੰਧੀ ਨੂੰ ਇੱਕ ਝਟਕੇ ਵਿੱਚ ਤੋੜ ਦਿਓ। ਅਸੀਂ ਇਸ ਨੂੰ ਨਹੀਂ ਮੰਨਦੇ। ਸਾਡੇ ਲੋਕ ਇਸ ਵਿੱਚ ਵਿਸ਼ਵਾਸ ਨਹੀਂ ਕਰਦੇ। ਅਸੀਂ ਹਜ਼ਾਰਾਂ ਸਾਲਾਂ ਤੋਂ ਇਸ ਦਰਿਆ ਦੇ ਵਾਰਸ ਹਾਂ।

ਬਿਲਾਵਲ ਭੁੱਟੋ ਨੇ ਆਪਣੀ ਮਾਂ ਅਤੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦਾ ਨਾਂ ਵੀ ਲਿਆ। ਉਨ੍ਹਾਂ ਕਿਹਾ ਕਿ ਪੀਪੀਪੀ ਅਤੇ ਸਿੰਧ ਸੂਬੇ ਦੇ ਲੋਕਾਂ ਨੇ ਦਰਿਆ ’ਤੇ ਡੈਮ ਅਤੇ ਨਹਿਰਾਂ ਬਣਾਉਣ ਦੀਆਂ ਯੋਜਨਾਵਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਆਉਣ ਵਾਲੇ ਦਿਨਾਂ ਵਿਚ ਵੀ ਸਿੰਧੂ ਜਲ ਸੰਧੀ ਵਿਚ ਇਕਪਾਸੜ ਤਬਦੀਲੀਆਂ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਜਾਵੇਗਾ। ਪਾਕਿਸਤਾਨ ਦੇ ਚਾਰ ਰਾਜਾਂ ਦੀ ਏਕਤਾ ਦੀ ਗੱਲ ਕਰਦਿਆਂ ਬਿਲਾਵਲ ਭੁੱਟੋ ਨੇ ਕਿਹਾ ਕਿ ਇਹ ਚਾਰੇ ਰਾਜ ਚਾਰ ਭਰਾਵਾਂ ਵਰਗੇ ਹਨ। ਇਹ ਚਾਰੇ ਰਾਜ ਮਿਲ ਕੇ ਭਾਰਤ ਦੇ ਹਰ ਇਰਾਦੇ ਦਾ ਮੂੰਹ ਤੋੜਵਾਂ ਜਵਾਬ ਦੇਣਗੇ। ਭੁੱਟੋ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਭਾਰਤ ਨੇ ਪਹਿਲਗਾਮ ਹਮਲੇ ਤੋਂ ਬਾਅਦ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦਾ ਕਦਮ ਚੁੱਕਿਆ ਹੈ, ਜਿਸ ਨੂੰ ਪਾਕਿਸਤਾਨ ਨੇ ‘ਜੰਗ ਦੇ ਬਰਾਬਰ’ ਕਰਾਰ ਦਿੱਤਾ ਹੈ।

ਪਾਕਿਸਤਾਨ ਨਾਲ ਸਿੰਧੂ ਜਲ ਸਮਝੌਤੇ ਨੂੰ ਮੁਲਤਵੀ ਕਰਨ ‘ਤੇ ਜਲ ਸ਼ਕਤੀ ਮੰਤਰਾਲੇ ਦੀ ਬੈਠਕ ਹੋਈ। ਇਸ ਨੂੰ 3 ਪੜਾਵਾਂ ਵਿੱਚ ਪੂਰਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਤੋਂ ਬਾਅਦ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੇ ਕਿਹਾ ਕਿ ਇਸ ਸਬੰਧੀ ਤਿੰਨ ਤਰ੍ਹਾਂ ਦੀ ਰਣਨੀਤੀ ਬਣਾਈ ਜਾ ਰਹੀ ਹੈ। ਪਾਕਿਸਤਾਨ ਨੂੰ ਪਾਣੀ ਦੀ ਇੱਕ ਬੂੰਦ ਵੀ ਨਹੀਂ ਮਿਲੇਗੀ। ਇਹ ਬੈਠਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਹੋਈ। ਇਸ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੇ ਹਿੱਸਾ ਲਿਆ। ਹਾਲਾਂਕਿ 3 ਪੜਾਵਾਂ ਅਤੇ 3 ਤਰ੍ਹਾਂ ਦੀਆਂ ਰਣਨੀਤੀਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਗੌਰਤਲਬ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖਿਲਾਫ ਸਖਤ ਕਦਮ ਚੁੱਕੇ ਹਨ। 23 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਮੀਟਿੰਗ ਵਿੱਚ ਪੰਜ ਵੱਡੇ ਫੈਸਲੇ ਲਏ ਗਏ ਸਨ। ਇਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ ਜੈਸ਼ੰਕਰ, ਐਨਐਸਏ ਅਜੀਤ ਡੋਵਾਲ ਸਮੇਤ ਕਈ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *