
ਭਾਰਤ ਨੇ ਜੰਮੂ-ਕਸ਼ਮੀਰ ’ਚ ਚਨਾਬ ’ਤੇ ਬਣੇ ਸਿਆਲ ਅਤੇ ਬਗਲੀਹਾਰ ਡੈਮਾਂ ਦੇ ਦੋ ਗੇਟ ਬੰਦ ਕੀਤੇ ਹਨ। ਪਾਕਿਸਤਾਨ ਨੂੰ ਜਾਣ ਵਾਲਾ ਚਨਾਬ ਦਾ ਪਾਣੀ ਰੁਕ ਗਿਆ ਅਤੇ ਪਾਣੀ ਦਾ ਪੱਧਰ 15 ਫੁੱਟ ਹੇਠਾਂ ਆ ਗਿਆ ਹੈ। ਪਾਕਿਸਤਾਨ ‘ਚ ਚਨਾਬ ਦਾ ਜਲ ਪੱਧਰ 22 ਫੁੱਟ ਸੀ ਜੋ 24 ਘੰਟਿਆਂ ‘ਚ 7 ਫੁੱਟ ਘੱਟ ਗਿਆ ਹੈ। ਚਨਾਬ ਦੇ ਲਗਾਤਾਰ ਸੁੰਗੜਨ ਕਾਰਨ 4 ਦਿਨਾਂ ਬਾਅਦ ਲਹਿੰਦੇ ਪੰਜਾਬ ਦੇ 24 ਮੁੱਖ ਸ਼ਹਿਰਾਂ ਦੇ ਲੱਗਭੱਗ 3 ਕਰੋੜ ਤੋਂ ਵੱਧ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਤਰਸਣਾ ਪੈ ਸਕਦਾ ਹੈ।
ਫੈਸਲਾਬਾਦ ਅਤੇ ਹਾਫਿਜ਼ਾਬਾਦ ਵਰਗੇ ਪਾਕਿਸਤਾਨ ਦੇ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਦੀ 80% ਆਬਾਦੀ ਪੀਣ ਵਾਲੇ ਪਾਣੀ ਲਈ ਚਨਾਬ ਦੇ ਸਤਹ ਪਾਣੀ ‘ਤੇ ਨਿਰਭਰ ਕਰਦੀ ਹੈ। ਇੰਡਸ ਵਾਟਰ ਅਥਾਰਟੀ ਨੂੰ ਡਰ ਹੈ ਕਿ ਭਾਰਤ ਦੇ ਇਸ ਕਦਮ ਨਾਲ ਸਾਉਣ ਦੀਆਂ ਫਸਲਾਂ ਲਈ ਪਾਣੀ ਦੀ 21% ਕਮੀ ਹੋ ਸਕਦੀ ਹੈ ਅਤੇ ਪਾਕਿਸਤਾਨੀ ਸੰਸਦ ਨੇ ਇਸ ਨੂੰ ਜੰਗ ਛੇੜਨ ਦੀ ਕਾਰਵਾਈ ਕਰਾਰ ਦਿੱਤਾ ਹੈ।
ਇਸ ਬਾਰੇ 3 ਪਾਕਿਸਤਾਨੀ ਨੇਤਾਵਾਂ ਦੇ ਬਿਆਨ ਵੀ ਸਾਹਮਣੇ ਆਏ ਹਨ

1. ਬਿਲਾਵਲ ਭੁੱਟੋ: ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਪੀਪਲਜ਼ ਪਾਰਟੀ ਦੇ ਨੇਤਾ ਬਿਲਾਵਲ ਭੁੱਟੋ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਸਿੰਧੂ ਜਲ ਸਮਝੌਤੇ ਨੂੰ ਰੋਕਦਾ ਹੈ ਤਾਂ ਸਿੰਧੂ ਵਿੱਚ ਪਾਕਿਸਤਾਨ ਦਾ ਪਾਣੀ ਵਹੇਗਾ ਜਾਂ ਉਨ੍ਹਾਂ ਦਾ ਖੂਨ ਵਹੇਗਾ। ਸਿੰਧੂ ਨਦੀ ਸਾਡੀ ਹੈ ਅਤੇ ਹਮੇਸ਼ਾ ਸਾਡੀ ਰਹੇਗੀ।

2. ਖਵਾਜਾ ਆਸਿਫ਼: ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ 4 ਮਈ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਭਾਰਤ ਸਿੰਧੂ ਨਦੀ ‘ਤੇ ਡੈਮ ਬਣਾਉਂਦਾ ਹੈ ਤਾਂ ਪਾਕਿਸਤਾਨ ਉਸ ‘ਤੇ ਹਮਲਾ ਕਰੇਗਾ।

3. ਸ਼ਾਹਬਾਜ਼ ਸ਼ਰੀਫ: ਸ਼ਰੀਫ ਨੇ 1 ਮਈ ਨੂੰ ਕਿਹਾ ਕਿ ਭਾਰਤ ਨੇ ਜੰਗ ਭੜਕਾਉਣ ਵਾਲੇ ਫੈਸਲੇ ਲਏ ਅਤੇ ਪਾਕਿਸਤਾਨ ਖਿਲਾਫ ਹਮਲਾਵਰ ਰੁਖ ਅਪਣਾਇਆ। ਭਾਰਤ ਨੇ 65 ਸਾਲ ਪੁਰਾਣੇ ਸਿੰਧ ਜਲ ਸਮਝੌਤੇ ਨੂੰ ਰੋਕਿਆ ਹੈ।
ਗੌਰਤਲਬ ਹੈ ਕਿ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਰੋਕ ਦਿੱਤਾ ਹੈ। 19 ਸਤੰਬਰ 1960 ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ 6 ਦਰਿਆਵਾਂ ਦਾ ਪਾਣੀ ਸਾਂਝਾ ਕਰਨ ਲਈ ਸਿੰਧੂ ਜਲ ਸਮਝੌਤਾ ਹੋਇਆ ਸੀ। ਸਮਝੌਤੇ ਤਹਿਤ ਭਾਰਤ ਨੂੰ ਤਿੰਨ ਪੂਰਬੀ ਦਰਿਆਵਾਂ (ਰਾਵੀ, ਬਿਆਸ ਅਤੇ ਸਤਲੁਜ) ਦੀ ਵਰਤੋਂ ਕਰਨ ਦਾ ਅਧਿਕਾਰ ਮਿਲਿਆ ਹੈ, ਜਦਕਿ ਪਾਕਿਸਤਾਨ ਨੂੰ ਤਿੰਨ ਪੱਛਮੀ ਦਰਿਆਵਾਂ (ਸਿੰਧ, ਜੇਹਲਮ ਅਤੇ ਚਨਾਬ) ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਪਾਕਿਸਤਾਨ ਦੀ 80% ਖੇਤੀ ਸਿੰਧ, ਜੇਹਲਮ ਅਤੇ ਚਨਾਬ ਦਰਿਆਵਾਂ ਦੇ ਪਾਣੀ ‘ਤੇ ਨਿਰਭਰ ਕਰਦੀ ਹੈ ਅਤੇ ਹੁਣ ਭਾਰਤ ਵੱਲੋਂ ਇਨ੍ਹਾਂ ਦਰਿਆਵਾਂ ਦਾ ਪਾਣੀ ਰੋਕਣ ਨਾਲ ਪਾਕਿਸਤਾਨ ਵਿੱਚ ਪਾਣੀ ਦਾ ਸੰਕਟ ਹੋਰ ਡੂੰਘਾ ਹੋ ਜਾਵੇਗਾ। ਉਥੋਂ ਦੀ ਆਰਥਿਕ ਸਥਿਤੀ ਵਿਗੜ ਜਾਵੇਗੀ। ਇਸ ਤੋਂ ਇਲਾਵਾ ਪਾਕਿਸਤਾਨ ਕਈ ਡੈਮਾਂ ਅਤੇ ਹਾਈਡਰੋ ਪ੍ਰੋਜੈਕਟਾਂ ਤੋਂ ਬਿਜਲੀ ਪੈਦਾ ਕਰਦਾ ਹੈ। ਪਾਣੀ ਦੀ ਕਮੀ ਨਾਲ ਬਿਜਲੀ ਉਤਪਾਦਨ ਵਿੱਚ ਕਮੀ ਆ ਸਕਦੀ ਹੈ, ਜੋ ਆਰਥਿਕ ਅਤੇ ਉਦਯੋਗਿਕ ਗਤੀਵਿਧੀਆਂ ਨੂੰ ਪ੍ਰਭਾਵਤ ਕਰੇਗੀ।
ਤੁਹਾਡੀ ਇਸ ਪਾਣੀ ਦੀ ਬੇਬੁਨਿਆਦ ਜੰਗ ਬਾਰੇ ਕੀ ਕਹਿਣਾ ਹੈ ?
Leave a Reply