
Indian Songs Ban in Pakistan: ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਸਰਕਾਰ ਵੱਲੋਂ ਕਈ ਅਜੀਬ ਫੈਸਲੇ ਲਏ ਜਾ ਰਹੇ ਹਨ। ਪਹਿਲਾਂ ਭਾਰਤ ਸਰਕਾਰ ਨੇ ਪਾਕਿਸਤਾਨੀ ਕਲਾਕਾਰਾਂ ‘ਤੇ ਪਾਬੰਦੀ ਲਗਾਈ ਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਭਾਰਤ ’ਚੋਂ ਬੰਦ ਕਰ ਦਿੱਤੇ, ਤੇ ਹੁਣ ਪਾਕਿਸਤਾਨ ਵੱਲੋਂ ਵੀ ਇਸਦਾ ਮੋੜਵਾਂ ਜਵਾਬ ਦਿੱਤਾ ਗਿਆ ਹੈ। ਭਾਰਤ ਦੀ ਕਾਰਵਾਈ ਤੋਂ ਨਾਰਾਜ਼ ਪਾਕਿਸਤਾਨ ਨੇ ਭਾਰਤੀ ਗੀਤਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।

ਪਾਕਿਸਤਾਨ ਨੇ 1 ਮਈ ਨੂੰ ਆਪਣੇ ਰੇਡੀਓ ਸਟੇਸ਼ਨਾਂ ‘ਤੇ ਭਾਰਤੀ ਗੀਤਾਂ ਦਾ ਪ੍ਰਸਾਰਣ ਬੰਦ ਕਰ ਦਿੱਤਾ ਹੈ। ਇਹ ਜਾਣਕਾਰੀ ਪਾਕਿਸਤਾਨ ਬ੍ਰਾਡਕਾਸਟਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ਕੀਲ ਮਸੂਦ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ, PBA ਨੇ ਤੁਰੰਤ ਪ੍ਰਭਾਵ ਨਾਲ ਦੇਸ਼ ਭਰ ਦੇ ਪਾਕਿਸਤਾਨੀ ਰੇਡੀਓ ਸਟੇਸ਼ਨਾਂ ‘ਤੇ ਭਾਰਤੀ ਗੀਤਾਂ ਦੇ ਪ੍ਰਸਾਰਣ ‘ਤੇ ਰੋਕ ਲਗਾ ਦਿੱਤੀ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਪਾਕਿਸਤਾਨ ਬ੍ਰਾਡਕਾਸਟਰ ਐਸੋਸੀਏਸ਼ਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। PBA ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ, PBA ਵੱਲੋਂ ਇਹ ਦੇਸ਼ ਭਗਤੀ ਵਾਲਾ ਕਦਮ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਸਮੁੱਚੇ ਦੇਸ਼ ਦੀ ਸਮੂਹਿਕ ਭਾਵਨਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਦੇ FM ਸਟੇਸ਼ਨਾਂ ‘ਤੇ ਭਾਰਤੀ ਗੀਤਾਂ ‘ਤੇ ਪਾਬੰਦੀ ਲਗਾਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਅਜਿਹੇ ਔਖੇ ਸਮੇਂ ‘ਚ ਅਸੀਂ ਸਾਰੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਅਤੇ ਆਪਣੀਆਂ ਕਦਰਾਂ-ਕੀਮਤਾਂ ਦੀ ਰੱਖਿਆ ਲਈ ਇਕਜੁੱਟ ਹੋ ਕੇ ਖੜ੍ਹੇ ਹਾਂ। ਦੱਸਦੇਈਏ ਕਿ ਭਾਰਤੀ ਗੀਤਾਂ ਨੂੰ ਪਾਕਿਸਤਾਨੀਆਂ ‘ਚ ਕਾਫੀ ਪਸੰਦ ਕੀਤਾ ਜਾਂਦਾ ਹੈ। ਖਾਸ ਕਰਕੇ ਲਤਾ ਮੰਗੇਸ਼ਕਰ, ਮੁਹੰਮਦ ਰਫੀ, ਕਿਸ਼ੋਰ ਕੁਮਾਰ ਅਤੇ ਮੁਕੇਸ਼ ਵਰਗੇ ਗਾਇਕਾਂ ਦੇ ਗੀਤ ਕਾਫੀ ਮਸ਼ਹੂਰ ਹਨ। ਇੰਨਾ ਹੀ ਨਹੀਂ ਇੱਥੋਂ ਦੇ ਰੇਡੀਓ ਸਟੇਸ਼ਨ ‘ਤੇ ਰੋਜ਼ਾਨਾ ਉਨ੍ਹਾਂ ਦੇ ਗੀਤ ਪ੍ਰਸਾਰਿਤ ਹੁੰਦੇ ਸਨ। ਪਰ ਹੁਣ ਇਸ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਾਰੇ ਪਾਕਿਸਤਾਨੀ ਕਲਾਕਾਰਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਬਲਾਕ ਕਰ ਦਿੱਤੇ ਗਏ ਹਨ। ਭਾਰਤ ਵਿੱਚ ਪਾਬੰਦੀਸ਼ੁਦਾ ਪਾਕਿਸਤਾਨੀ ਹਸਤੀਆਂ ਵਿੱਚ ਮਾਹਿਰਾ ਖਾਨ, ਹਾਨੀਆ ਆਮਿਰ, ਅਲੀ ਜ਼ਫਰ, ਮਾਇਆ ਅਲੀ, ਆਇਜ਼ਾ ਖਾਨ, ਸਜਲ ਅਲੀ, ਇਕਰਾ ਅਜ਼ੀਜ਼, ਸਨਮ ਸਈਦ ਸ਼ਾਮਲ ਹਨ। ਇਸ ਦੇ ਨਾਲ ਹੀ ਭਾਰਤ ਵਿੱਚ 16 ਪਾਕਿਸਤਾਨੀ ਯੂਟਿਊਬ ਚੈਨਲਾਂ ਨੂੰ ਵੀ ਬੈਨ ਕਰ ਦਿੱਤਾ ਗਿਆ ਹੈ। ਇਸ ਕਾਰਵਾਈ ਤੋਂ ਨਾਰਾਜ਼ ਹੋ ਕੇ ਹੁਣ ਪਾਕਿਸਤਾਨ ਨੇ ਵੀ ਭਾਰਤੀ ਗੀਤਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।
Leave a Reply