
ਸਿਨੇਮਾਘਰਾਂ ’ਚ ਬੀਤੇ ਵੀਰਵਾਰ ਰਿਲੀਜ਼ ਹੋਈ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਦੀ ਫਿਲਮ ‘ਜਾਟ’ ਵਿਵਾਦਾਂ ‘ਚ ਘਿਰਦੀ ਨਜ਼ਰ ਆ ਰਹੀ ਹੈ। ਪੰਜਾਬ ’ਚ ਈਸਾਈ ਭਾਈਚਾਰੇ ਨੇ ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ ਦੇ ਇਕ ਸੀਨ ‘ਤੇ ਇਤਰਾਜ਼ ਜਤਾਇਆ ਹੈ ਅਤੇ ਇਸ ਮਾਮਲੇ ‘ਚ ਫਿਲਮ ਨਿਰਮਾਤਾਵਾਂ ਖਿਲਾਫ FIR ਦਰਜ ਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਅਗਲੇ ਦੋ ਦਿਨਾਂ ਵਿੱਚ FIR ਦਰਜ ਨਾ ਕੀਤੀ ਗਈ ਤਾਂ ਪੰਜਾਬ ਪੱਧਰ ’ਤੇ ਸਿਨੇਮਾ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਈਸਾਈ ਭਾਈਚਾਰੇ ਵੱਲੋਂ ਜਲੰਧਰ ਕਮਿਸ਼ਨਰੇਟ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਜਲਦੀ ਤੋਂ ਜਲਦੀ FIR ਦਰਜ ਕਰਨ ਦੀ ਮੰਗ ਵੀ ਕੀਤੀ ਗਈ ਹੈ।

ਜਲੰਧਰ ਕਮਿਸ਼ਨਰੇਟ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਵਿਕਾਸ ਗੋਲਡੀ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਸਿਨੇਮਾਘਰਾਂ ‘ਚ ਫਿਲਮ ‘ਜਾਟ’ ਰਿਲੀਜ਼ ਹੋਈ ਸੀ। ਫਿਲਮ ‘ਚ ਅਭਿਨੇਤਾ ਰਣਦੀਪ ਹੁੱਡਾ ਨੇ ਈਸਾ ਮਸੀਹ ਅਤੇ ਈਸਾਈ ਧਰਮ ‘ਚ ਵਰਤੀਆਂ ਗਈਆਂ ਪਵਿੱਤਰ ਚੀਜ਼ਾਂ ਦਾ ਨਿਰਾਦਰ ਕੀਤਾ ਹੈ। ਗੋਲਡੀ ਨੇ ਕਿਹਾ ਕਿ ਰਣਦੀਪ ਹੁੱਡਾ ਚਰਚ ਦੇ ਅੰਦਰ ਪ੍ਰਭੂ ਯਿਸੂ ਮਸੀਹ ਵਾਂਗ ਖੜ੍ਹਾ ਸੀ ਅਤੇ ਸਾਡੇ ਆਮੀਨ ਸ਼ਬਦ ਦਾ ਨਿਰਾਦਰ ਕੀਤਾ ਵੀ ਗਿਆ ਹੈ। ਫਿਲਮ ਵਿੱਚ ਇਹ ਵੀ ਕਿਹਾ ਗਿਆ ਕਿ ਤੁਹਾਡੇ ਪ੍ਰਭੂ ਯਿਸੂ ਮਸੀਹ ਸੌ ਰਹੇ ਹਨ ਅਤੇ ਉਨ੍ਹਾਂ ਨੇ ਮੈਨੂੰ ਭੇਜਿਆ ਹੈ। ਜਿਸ ਤੋਂ ਬਾਅਦ ਹੁੱਡਾ ਸਾਰਿਆਂ ਨੂੰ ਸ਼ੂਟ ਕਰਨਾ ਸ਼ੁਰੂ ਕਰ ਦਿੰਦਾ ਹੈ। ਅਜਿਹੀ ਸਥਿਤੀ ਵਿੱਚ, ਜੋ ਲੋਕ ਮਸੀਹ ਵਿਰੋਧੀ ਹਨ, ਅਜਿਹੀਆਂ ਫਿਲਮਾਂ ਨੂੰ ਦੇਖ ਕੇ ਸਾਡੇ ਚਰਚਾਂ ‘ਤੇ ਹਮਲਾ ਕਰਨਗੇ। ਇਸ ਨੂੰ ਦੇਖਦਿਆਂ ਦੇਸ਼-ਵਿਦੇਸ਼ ‘ਚ ਵੱਸਦੇ ਈਸਾਈ ਭਾਈਚਾਰੇ ‘ਚ ਰੋਸ ਹੈ। ਅਸੀਂ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਅਸੀਂ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ।

ਗੋਲਡੀ ਨੇ ਅੱਗੇ ਕਿਹਾ ਕਿ ਸਾਡੀ ਮੰਗ ਹੈ ਕਿ ਪੁਲਿਸ FIR ਦਰਜ ਕਰੇ ਅਤੇ ਫਿਲਮ ਨੂੰ ਰੋਕੇ। ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਫਿਲਮ ਖਿਲਾਫ ਕਾਰਵਾਈ ਕੀਤੀ ਜਾਵੇਗੀ, ਜਿਸ ਕਰਕੇ ਅਸੀਂ ਪੁਲਿਸ ਨੂੰ ਦੋ ਦਿਨ ਦਾ ਸਮਾਂ ਦਿੱਤਾ ਹੈ। ਜੇਕਰ ਦੋ ਦਿਨਾਂ ਦੇ ਅੰਦਰ FIR ਦਰਜ ਕੀਤੀ ਜਾਂਦੀ ਹੈ, ਫਿਲਮ ਰੋਕ ਦਿੱਤੀ ਜਾਂਦੀ ਹੈ ਅਤੇ ਫਿਲਮ ਦੀ ਟੀਮ ਨੂੰ ਇੱਥੇ ਬੁਲਾਇਆ ਜਾਂਦਾ ਹੈ, ਤਾਂ ਅਸੀਂ ਵਿਰੋਧ ਨਹੀਂ ਕਰਾਂਗੇ। ਪਰ ਜੇ ਪੁਲਿਸ ਅਜਿਹੀ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਈਸਾਈ ਭਾਈਚਾਰੇ ਨਾਲ ਸਬੰਧਤ ਸਮੂਹਾਂ ਨਾਲ ਮੀਟਿੰਗ ਕਰਕੇ ਵੱਡਾ ਐਲਾਨ ਕਰਾਂਗੇ। ਮਸੀਹ ਵਿਰੋਧੀਆਂ ਨੂੰ ਸਾਡੀ ਚੇਤਾਵਨੀ ਹੈ ਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਅਸੀਂ ਚੁੱਪ ਨਹੀਂ ਰਹਾਂਗੇ। ਇਸ ਕਾਰਵਾਈ ਤੋਂ ਪੂਰਾ ਈਸਾਈ ਭਾਈਚਾਰਾ ਨਾਰਾਜ਼ ਹੈ।
ਦੱਸ ਦੇਈਏ ਕਿ ਫਿਲਮ ‘ਜਾਟ’ 10 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਇਸ ਫਿਲਮ ’ਚ ਸੰਨੀ ਦਿਓਲ, ਰਣਦੀਪ ਹੁੱਡਾ ਅਤੇ ਵਿਨੀਤ ਕੁਮਾਰ ਸਿੰਘ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਹਨ। ਫਿਲਮ ਦੇ ਨਿਰਦੇਸ਼ਕ ਗੋਪੀਚੰਦ ਮਾਲਿਨੀ ਅਤੇ ਨਿਰਮਾਤਾ ਨਵੀਨ ਮਾਲਿਨੀ ਹਨ।
Leave a Reply