
Ahmedabad Plane Crash Update: ਗੁਜਰਾਤ ਦੇ ਅਹਿਮਦਾਬਾਦ ‘ਚ ਹੋਏ ਜਹਾਜ਼ ਹਾਦਸੇ ‘ਚੋਂ ਹੁਣ ਤੱਕ 265 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ‘ਚੋਂ 241 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਨ। 5 ਮ੍ਰਿਤਕ ਮੈਡੀਕਲ ਹੋਸਟਲ ਦੇ ਰਹਿਣ ਵਾਲੇ ਹਨ, ਜਿੱਥੇ ਜਹਾਜ਼ ਕਰੈਸ਼ ਹੋਇਆ ਸੀ।
ਜਹਾਜ਼ ਜਿਸ ਬੀਜੇ ਮੈਡੀਕਲ ਕਾਲਜ ਦੇ ਹੋਸਟਲ ’ਚ ਹਾਦਸਾਗ੍ਰਸਤ ਹੋਇਆ, ਉਸ ਵਿੱਚ 50 ਤੋਂ ਵੱਧ ਲੋਕ ਮੌਜੂਦ ਸਨ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹੋਸਟਲ ‘ਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ। 4 MBBS ਵਿਦਿਆਰਥੀਆਂ ਅਤੇ ਇੱਕ ਡਾਕਟਰ ਦੀ ਪਤਨੀ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੱਜ ਸਵੇਰੇ ਅਹਿਮਦਾਬਾਦ ਪਹੁੰਚੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਇਸ ਤੋਂ ਬਾਅਦ ਉਹ ਸਿਵਲ ਹਸਪਤਾਲ ਗਏ, ਜਿੱਥੇ ਕਰੀਬ 10 ਮਿੰਟ ਤੱਕ ਪੀੜਤਾਂ ਨਾਲ ਮੁਲਾਕਾਤ ਕੀਤੀ।
ਪੀਐਮ ਮੋਦੀ ਨੇ X ’ਤੇ ਪੋਸਟ ਕਰਕੇ ਲਿਖਿਆ ਕਿ, ਅੱਜ ਅਹਿਮਦਾਬਾਦ ਵਿੱਚ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਤਬਾਹੀ ਦਾ ਦ੍ਰਿਸ਼ ਬਹੁਤ ਹੀ ਦੁਖਦਾਈ ਹੈ। ਰਾਹਤ ਅਤੇ ਬਚਾਅ ਕਾਰਜਾਂ ਵਿਚ ਲੱਗੀਆਂ ਟੀਮਾਂ ਅਤੇ ਅਧਿਕਾਰੀਆਂ ਨੂੰ ਮਿਲੇ, ਜੋ ਲਗਾਤਾਰ ਮਿਹਨਤ ਕਰ ਰਹੇ ਹਨ। ਸਾਡੀ ਸੰਵੇਦਨਾ ਉਨ੍ਹਾਂ ਲੋਕਾਂ ਨਾਲ ਹੈ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।’

ਉਨ੍ਹਾਂ ਕਿਹਾ ਕਿ, ਅਸੀਂ ਸਾਰੇ ਇਸ ਜਹਾਜ਼ ਹਾਦਸੇ ਤੋਂ ਬਹੁਤ ਦੁਖੀ ਅਤੇ ਸਦਮੇ ਵਿੱਚ ਹਾਂ। ਇੰਨੇ ਸਾਰੇ ਲੋਕਾਂ ਦੀ ਅਚਾਨਕ ਅਤੇ ਦਿਲ ਕੰਬਾਊ ਮੌਤ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ। ਅਸੀਂ ਉਨ੍ਹਾਂ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਅਸੀਂ ਉਨ੍ਹਾਂ ਦੇ ਦਰਦ ਨੂੰ ਸਮਝਦੇ ਹਾਂ ਅਤੇ ਜਾਣਦੇ ਹਾਂ ਕਿ ਇਸ ਹਾਦਸੇ ਨਾਲ ਪੈਦਾ ਹੋਏ ਖਲਾਅ ਨੂੰ ਭਰਨ ਲਈ ਕਈ ਸਾਲ ਲੱਗ ਜਾਣਗੇ।

ਗੌਰਤਲਬ ਹੈ ਕਿ ਏਅਰ ਇੰਡੀਆ ਦੀ ਬੋਇੰਗ 787 ਡ੍ਰੀਮਲਾਈਨਰ ਫਲਾਈਟ AI-171 ਨੇ ਵੀਰਵਾਰ ਨੂੰ ਦੁਪਹਿਰ 1:38 ਵਜੇ ਅਹਿਮਦਾਬਾਦ ਤੋਂ ਲੰਡਨ ਲਈ ਉਡਾਣ ਭਰੀ ਸੀ। ਜਹਾਜ਼ ਵਿੱਚ 169 ਭਾਰਤੀ, 53 ਬ੍ਰਿਟਿਸ਼, 7 ਪੁਰਤਗਾਲੀ ਅਤੇ ਇੱਕ ਕੈਨੇਡੀਅਨ ਨਾਗਰਿਕ ਸਮੇਤ ਕੁੱਲ 230 ਯਾਤਰੀ ਸਵਾਰ ਸਨ। ਉਡਾਣ ਭਰਨ ਤੋਂ ਦੋ ਮਿੰਟ ਬਾਅਦ ਹੀ ਫਲਾਈਟ ਕਰੈਸ਼ ਹੋ ਗਈ ਸੀ।
ਇਨ੍ਹਾਂ ਵਿੱਚ 103 ਪੁਰਸ਼, 114 ਔਰਤਾਂ, 11 ਬੱਚੇ ਅਤੇ 2 ਨਵਜੰਮੇ ਬੱਚੇ ਸ਼ਾਮਲ ਹਨ। ਬਾਕੀ 12 ਚਾਲਕ ਦਲ ਦੇ ਮੈਂਬਰ ਸਨ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਹਨ, ਜਦਕਿ ਸਿਰਫ਼ ਇੱਕ ਯਾਤਰੀ ਬਚਿਆ ਹੈ।
ਅਹਿਮਦਾਬਾਦ ਪੁਲਿਸ ਮਲਬੇ ਹੇਠ ਦੱਬੇ ਹੋਰ ਬਚੇ ਲੋਕਾਂ ਦੀ ਭਾਲ ਲਈ ਸਨਿਫਰ ਡੌਗ ਨਾਲ ਹਾਦਸੇ ਵਾਲੀ ਥਾਂ ‘ਤੇ ਪਹੁੰਚ ਗਈ ਹੈ। ਏਅਰ ਇੰਡੀਆ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੀ ਮਦਦ ਲਈ ਅਹਿਮਦਾਬਾਦ, ਮੁੰਬਈ, ਦਿੱਲੀ ਅਤੇ ਗੈਟਵਿਕ ਹਵਾਈ ਅੱਡਿਆਂ ‘ਤੇ ਮਦਦ ਕੇਂਦਰ ਖੋਲ੍ਹੇ ਹਨ। ਭਾਰਤ ਲਈ, ਤੁਸੀਂ 1800 5691 444 ਅਤੇ ਭਾਰਤ ਤੋਂ ਬਾਹਰ, 8062779200 ‘ਤੇ ਸੰਪਰਕ ਕਰ ਸਕਦੇ ਹੋ।
ਮੌਕੇ ‘ਤੇ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ, ਜਿਸ ‘ਚ ਮਿਲੀ ਸਾਰੀਆਂ ਚੀਜ਼ਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਅੱਜ ਸਵੇਰੇ ਤਲਾਸ਼ੀ ਮੁਹਿੰਮ ਦੌਰਾਨ ਲਾਸ਼ ਦੇ ਕੁਝ ਹੋਰ ਅੰਗ ਮਿਲੇ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਪੋਸਟਮਾਰਟਮ ਰੂਮ ਵਿੱਚ ਲਿਆਂਦਾ ਗਿਆ ਹੈ।
Leave a Reply