
Monsoon Update: ਕੇਰਲ ‘ਚ ਮਾਨਸੂਨ ਨੇ ਸ਼ਨੀਵਾਰ ਨੂੰ ਦਸਤਕ ਦੇ ਦਿੱਤੀ ਹੈ। ਆਪਣੇ ਨਿਰਧਾਰਤ ਸਮੇਂ ਤੋਂ 8 ਦਿਨ ਪਹਿਲਾਂ ਹੀ ਮਾਨਸੂਨ ਕੇਰਲ ਪਹੁੰਚ ਗਿਆ ਹੈ। ਗੌਰਤਲਬ ਹੈ ਕਿ 1 ਜੂਨ ਨੂੰ ਕੇਰਲ ’ਚ ਮਾਨਸੂਨ ਦੀ ਦਸਤਕ ਬਾਰੇ ਕਿਹਾ ਗਿਆ ਸੀ। ਮੌਸਮ ਵਿਭਾਗ ਮੁਤਾਬਕ 16 ਸਾਲਾਂ ‘ਚ ਇਹ ਪਹਿਲੀ ਵਾਰ ਹੈ ਕਿ ਮਾਨਸੂਨ ਇੰਨੀ ਜਲਦੀ ਪਹੁੰਚਿਆ ਹੈ। ਸਾਲ 2024 ਵਿੱਚ 30 ਮਈ ਨੂੰ ਮਾਨਸੂਨ ਕੇਰਲ ਪਹੁੰਚਿਆ ਸੀ।
ਮੌਸਮ ਵਿਭਾਗ ਮੁਤਾਬਕ ਦੱਖਣ-ਪੱਛਮੀ ਮਾਨਸੂਨ ਚਾਰ ਦਿਨਾਂ ਤੋਂ ਦੇਸ਼ ਤੋਂ ਕਰੀਬ 40-50 ਕਿਲੋਮੀਟਰ ਦੂਰ ਫਸਿਆ ਹੋਇਆ ਸੀ। ਸ਼ੁੱਕਰਵਾਰ ਸ਼ਾਮ ਨੂੰ ਤੇਜ਼ੀ ਨਾਲ ਅੱਗੇ ਵਧਿਆ ਤੇ ਅੱਜ ਇਸਦੇ ਤਾਮਿਲਨਾਡੂ ਅਤੇ ਕਰਨਾਟਕ ਦੇ ਕਈ ਇਲਾਕਿਆਂ ‘ਚ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਹ ਇਕ ਹਫਤੇ ‘ਚ ਦੇਸ਼ ਦੇ ਦੱਖਣੀ ਅਤੇ ਉੱਤਰ-ਪੂਰਬੀ ਰਾਜਾਂ ਨੂੰ ਕਵਰ ਕਰ ਸਕਦਾ ਹੈ। 4 ਜੂਨ ਤੱਕ ਮਾਨਸੂਨ ਮੱਧ ਅਤੇ ਪੂਰਬੀ ਭਾਰਤ ਪਹੁੰਚ ਜਾਵੇਗਾ।
ਇਸ ਤੋਂ ਇਲਾਵਾ ਵਿਭਾਗ ਨੇ 24 ਮਈ ਲਈ ਦੋ ਤਰ੍ਹਾਂ ਦੇ ਰੈੱਡ ਅਲਰਟ ਜਾਰੀ ਕੀਤੇ ਹਨ। ਪਹਿਲਾ ਹੈ ਭਾਰੀ ਮੀਂਹ ਅਤੇ ਦੂਜਾ ਅੱਤ ਦੀ ਗਰਮੀ ਦਾ। ਗੁਜਰਾਤ, ਗੋਆ, ਮਹਾਰਾਸ਼ਟਰ, ਕਰਨਾਟਕ ਅਤੇ ਕੇਰਲ ਦੇ ਤੱਟਵਰਤੀ ਖੇਤਰਾਂ ਵਿੱਚ 200 ਮਿਲੀਮੀਟਰ ਤੱਕ ਬਾਰਿਸ਼ ਹੋ ਸਕਦੀ ਹੈ। ਇਨ੍ਹਾਂ ਰਾਜਾਂ ਵਿੱਚ ਅਗਲੇ ਸੱਤ ਦਿਨਾਂ ਤੱਕ ਭਾਰੀ ਮੀਂਹ ਪੈ ਸਕਦਾ ਹੈ। ਦੇਸ਼ ਦੇ ਕੁੱਲ 28 ਰਾਜਾਂ ਵਿੱਚ ਤੂਫ਼ਾਨ ਅਤੇ ਮੀਂਹ ਦਾ ਅਲਰਟ ਹੈ। ਉਥੇ ਹੀ ਰਾਜਸਥਾਨ ਦੇ ਪੱਛਮੀ ਹਿੱਸੇ ‘ਚ ਗਰਮ ਹਵਾਵਾਂ ਕਾਰਨ 27 ਮਈ ਤੱਕ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਕੇਰਲ ਦੇ ਤੱਟਵਰਤੀ ਅਤੇ ਅੰਦਰੂਨੀ ਇਲਾਕਿਆਂ ‘ਚ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਹੈ। ਮਛੇਰਿਆਂ ਸਮੇਤ ਆਮ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਕੇਰਲ, ਕਰਨਾਟਕ ਅਤੇ ਲਕਸ਼ਦੀਪ ਦੇ ਤੱਟਾਂ ‘ਤੇ 27 ਮਈ ਤੱਕ ਮੱਛੀਆਂ ਫੜਨ ਲਈ ਸਮੁੰਦਰ ‘ਚ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਮਾਨਸੂਨ ਵਿੱਚ ਐਲ ਨੀਨੋ ਦੀ ਕੋਈ ਸੰਭਾਵਨਾ ਨਹੀਂ
ਮੌਸਮ ਵਿਭਾਗ ਨੇ ਅਪ੍ਰੈਲ ‘ਚ ਕਿਹਾ ਸੀ ਕਿ 2025 ਦੇ ਮਾਨਸੂਨ ਸੀਜ਼ਨ ਦੌਰਾਨ ਐਲ ਨੀਨੋ ਦੀ ਸੰਭਾਵਨਾ ਨਹੀਂ ਹੈ। ਇਸ ਦਾ ਮਤਲਬ ਹੈ ਕਿ ਇਸ ਸਾਲ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਵੇਗੀ। ਘੱਟ ਮੀਂਹ ਪੈਣ ਦੀ ਸੰਭਾਵਨਾ ਲਗਭਗ ਨਹੀਂ ਹੈ। ਐਲ ਨੀਨੋ 2023 ਵਿੱਚ ਸਰਗਰਮ ਸੀ, ਜਿਸ ਦੇ ਨਤੀਜੇ ਵਜੋਂ ਮਾਨਸੂਨ ਸੀਜ਼ਨ ਦੌਰਾਨ ਆਮ ਨਾਲੋਂ 6 ਪ੍ਰਤੀਸ਼ਤ ਘੱਟ ਮੀਂਹ ਪਿਆ।
ਐਲ ਨੀਨੋ: ਇਸ ਵਿੱਚ ਸਮੁੰਦਰ ਦਾ ਤਾਪਮਾਨ 3 ਤੋਂ 4 ਡਿਗਰੀ ਤੱਕ ਵਧ ਜਾਂਦਾ ਹੈ। ਇਸਦਾ ਪ੍ਰਭਾਵ 10 ਸਾਲਾਂ ਵਿੱਚ ਦੋ ਵਾਰ ਹੁੰਦਾ ਹੈ। ਇਸ ਦੇ ਪ੍ਰਭਾਵ ਕਾਰਨ, ਭਾਰੀ ਬਾਰਸ਼ ਵਾਲੇ ਖੇਤਰਾਂ ਵਿੱਚ ਘੱਟ ਬਾਰਿਸ਼ ਹੁੰਦੀ ਹੈ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਵਧੇਰੇ ਵਰਖਾ ਹੁੰਦੀ ਹੈ।
ਲਾ ਨੀਨਾ: ਇਸ ਵਿਚ ਸਮੁੰਦਰ ਦਾ ਪਾਣੀ ਤੇਜ਼ੀ ਨਾਲ ਠੰਢਾ ਹੋ ਜਾਂਦਾ ਹੈ। ਇਹ ਦੁਨੀਆ ਭਰ ਦੇ ਮੌਸਮ ਨੂੰ ਪ੍ਰਭਾਵਿਤ ਕਰਦਾ ਹੈ। ਅਸਮਾਨ ਵਿੱਚ ਬੱਦਲ ਛਾ ਜਾਂਦੇ ਹਨ ਅਤੇ ਭਾਰੀ ਮੀਂਹ ਪੈਂਦਾ ਹੈ।
Leave a Reply