
Punjab Weather: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੌਸਮ ਕਰਵਟ ਲੈਣ ਜਾ ਰਿਹਾ ਹੈ। IMD ਦੇ ਚੰਡੀਗੜ੍ਹ ਕੇਂਦਰ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੌਸਮ ਦੇ ਗੰਭੀਰ ਹਾਲਾਤਾਂ ਬਾਰੇ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। 5 ਮਈ ਤੱਕ ਤੇਜ਼ ਹਵਾਵਾਂ ਚੱਲਣ, ਬਿਜਲੀ ਡਿੱਗਣ ਅਤੇ ਧੂੜ ਦੇ ਤੂਫ਼ਾਨ ਦੀ ਸੰਭਾਵਨਾ ਜਤਾਈ ਗਈ ਹੈ। ਬੀਤੀ ਦਿਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ 20 ਤੋਂ 30 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਧੂੜ ਭਰੀ ਹਨੇਰੀ ਚੱਲੀ ਅਤੇ ਕਈ ਥਾਵਾਂ ’ਤੇ ਮੀਂਹ ਵੀ ਪਿਆ, ਜਿਸ ਕਾਰਨ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲੀ ਹੈ।
ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਦੌਰਾਨ ਪਟਿਆਲਾ, ਮੁਹਾਲੀ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਝੱਖੜ ਵਰਗੇ ਹਾਲਾਤ ਰਹਿਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਵਿੱਚ ਹਵਾ ਦੀ ਰਫ਼ਤਾਰ 80 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਸਕਦੀ ਹੈ। ਇਹ ਸਥਿਤੀ ਫਸਲਾਂ, ਕੱਚੇ ਘਰਾਂ, ਦਰੱਖਤਾਂ ਅਤੇ ਬਿਜਲੀ ਦੀਆਂ ਤਾਰਾਂ ਲਈ ਖਤਰਾ ਬਣ ਸਕਦੀ ਹੈ। ਇਸ ਲਈ ਲੋਕਾਂ ਨੂੰ ਅਲਰਟ ਰਹਿਣ ਅਤੇ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਤਾਪਮਾਨ ਦੀ ਗੱਲ ਕਰੀਏ ਤਾਂ ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 0.2 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਹਾਲਾਂਕਿ ਇਹ ਆਮ ਸੀਮਾਵਾਂ ਦੇ ਅੰਦਰ ਹੈ, ਪਰ ਕੁਝ ਥਾਵਾਂ ‘ਤੇ ਗਰਮੀ ਤੇਜ਼ ਬਣੀ ਹੋਈ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਤ ਦੇ ਮੀਂਹ ਤੋਂ ਬਾਅਦ ਪੰਜਾਬ ਭਰ ਦੇ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਆਉਣ ਵਾਲੇ ਅਗਲੇ 4 ਦਿਨਾਂ ਦੀ ਗੱਲ ਕਰੀਏ ਤਾਂ ਅੱਜ 2 ਮਈ ਨੂੰ ਪੰਜਾਬ ਦੇ ਕੁਝ ਦੱਖਣੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਸਥਿਤੀ ਆਮ ਵਾਂਗ ਹੈ, ਪਰ ਬਾਕੀ ਜ਼ਿਲ੍ਹਿਆਂ ਵਿੱਚ ਤੇਜ਼ ਰਫ਼ਤਾਰ ਧੂੜ ਭਰੀਆਂ ਹਵਾਵਾਂ ਚੱਲ ਸਕਦੀਆਂ ਹਨ। 3 ਅਤੇ 4 ਮਈ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੁੜ ਤੇਜ਼ ਹਵਾਵਾਂ, ਬਿਜਲੀ ਅਤੇ ਧੂੜ ਭਰੀ ਹਨੇਰੀ ਆਉਣ ਦੀ ਸੰਭਾਵਨਾ ਹੈ। 5 ਮਈ ਨੂੰ ਲੋਕਾਂ ਨੂੰ ਤੂਫਾਨ ਤੋਂ ਥੋੜੀ ਰਾਹਤ ਮਿਲਣ ਦੀ ਉਮੀਦ ਹੈ, ਪਰ ਕੁਝ ਜ਼ਿਲ੍ਹਿਆਂ ਵਿੱਚ ਧੂੜ ਭਰੀ ਤੂਫ਼ਾਨ ਦੀ ਚੇਤਾਵਨੀ ਜਾਰੀ ਰਹੇਗੀ।
Leave a Reply